Fever in children (Punjabi) – ਬੱਚਿਆਂ ਵਿੱਚ ਬੁਖ਼ਾਰ

  • ਬੁਖ਼ਾਰ (ਜ਼ਿਆਦਾ ਤਾਪਮਾਨ) ਬੱਚਿਆਂ ਵਿੱਚ ਆਮ ਹੁੰਦਾ ਹੈ। ਬੁਖ਼ਾਰ ਬਹੁਤ ਸਾਰੀਆਂ ਬਿਮਾਰੀਆਂ ਲਈ ਇੱਕ ਆਮ ਪ੍ਰਤੀਕ੍ਰਿਆ ਹੈ, ਸਰੀਰ ਦੀ ਸਭ ਤੋਂ ਆਮ ਲਾਗ ਹੈ। ਬੁਖ਼ਾਰ ਆਮ ਤੌਰ 'ਤੇ ਨੁਕਸਾਨਦੇਹ ਨਹੀਂ ਹੁੰਦਾ - ਅਸਲ ਵਿੱਚ, ਇਹ ਸਰੀਰ ਦੀ ਇਮਿਊਨ ਸਿਸਟਮ (ਬਿਮਾਰੀਆਂ ਨਾਲ ਲੜਨ ਦੀ ਸ਼ਕਤੀ) ਨੂੰ ਲਾਗ ਨਾਲ ਲੜਨ ਵਿੱਚ ਮੱਦਦ ਕਰਦਾ ਹੈ।

    ਜਦੋਂ ਕਿ ਬੁਖ਼ਾਰ ਮਾਪਿਆਂ ਲਈ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ, ਡਾਕਟਰ ਆਮ ਤੌਰ 'ਤੇ ਇਸ ਬਾਰੇ ਵਧੇਰੇ ਚਿੰਤਤ ਹੋਣਗੇ ਕਿ ਬੁਖ਼ਾਰ ਕਿਸ ਕਾਰਨ ਹੋ ਰਿਹਾ ਹੈ, ਨਾ ਕਿ ਬੱਚੇ ਦਾ ਤਾਪਮਾਨ ਕਿੰਨ੍ਹਾਂ ਹੈ। ਤੁਹਾਡੇ ਲਈ ਬੁਖ਼ਾਰ ਦੀ ਬਜਾਏ ਅੰਦਰੂਨੀ ਬਿਮਾਰੀ ਦੇ ਕਿਸੇ ਵੀ ਲੱਛਣ ਦੀ ਨਿਗਰਾਨੀ ਕਰਨਾ ਵਧੇਰੇ ਮਹੱਤਵਪੂਰਨ ਹੈ।

    ਬੁਖ਼ਾਰ ਦੀਆਂ ਨਿਸ਼ਾਨੀਆਂ ਅਤੇ ਲੱਛਣ (Signs and symptoms of fever)

    ਤੁਹਾਡੇ ਬੱਚੇ ਨੂੰ ਉਦੋਂ ਬੁਖ਼ਾਰ ਹੁੰਦਾ ਹੈ ਜਦੋਂ ਉਸਦਾ ਤਾਪਮਾਨ ਥਰਮਾਮੀਟਰ 'ਤੇ 38 ਡਿਗਰੀ ਸੈਲਸੀਅਸ ਤੋਂ ਵੱਧ ਹੁੰਦਾ ਹੈ।

    ਤੁਹਾਡੇ ਬੱਚੇ ਨੂੰ ਹੇਠਾਂ ਲਿਖੇ ਲੱਛਣ ਵੀ ਹੋ ਸਕਦੇ ਹਨ:

    • ਬਿਮਾਰ ਅਤੇ ਛੂਹਣ 'ਤੇ ਗਰਮ ਮਹਿਸੂਸ ਹੋਣਾ
    • ਚਿੜਚਿੜਾ ਜਾਂ ਰੋਣਾ
    • ਆਮ ਨਾਲੋਂ ਜ਼ਿਆਦਾ ਸੌਣਾ
    • ਉਲਟੀਆਂ ਕਰਨਾ ਜਾਂ ਪੀਣ ਤੋਂ ਮਨ੍ਹਾਂ ਕਰਨਾ
    • ਕੰਬਣਾ
    • ਦਰਦ ਹੋਣਾ

    ਜੇ ਤੁਹਾਡਾ ਬੱਚਾ ਤਿੰਨ ਮਹੀਨਿਆਂ ਤੋਂ ਘੱਟ ਉਮਰ ਦਾ ਹੈ ਅਤੇ ਉਸ ਨੂੰ 38 ਡਿਗਰੀ ਸੈਲਸੀਅਸ ਤੋਂ ਵੱਧ ਬੁਖ਼ਾਰ ਹੈ, ਤਾਂ ਤੁਹਾਨੂੰ ਡਾਕਟਰ ਨੂੰ ਮਿਲਣਾ ਚਾਹੀਦਾ ਹੈ, ਭਾਵੇਂ ਉਸ ਵਿੱਚ ਕੋਈ ਹੋਰ ਲੱਛਣ ਨਾ ਵੀ ਹੋਣ।

    ਆਪਣੇ ਬੱਚੇ ਦਾ ਤਾਪਮਾਨ ਮਾਪਣਾ (Taking your child's temperature)

    ਇੱਥੇ ਬਹੁਤ ਸਾਰੇ ਤਰੀਕੇ ਹਨ ਜਿਨ੍ਹਾਂ ਨਾਲ ਤੁਸੀਂ ਬੱਚੇ ਦਾ ਤਾਪਮਾਨ ਮਾਪ ਸਕਦੇ ਹੋ। ਹਰੇਕ ਢੰਗ ਤੁਹਾਡੇ ਬੱਚੇ ਦੇ ਤਾਪਮਾਨ ਨੂੰ ਵੱਖਰੇ ਤਰੀਕੇ ਨਾਲ ਮਾਪਦਾ ਹੈ, ਅਤੇ ਤੁਹਾਡੇ ਦੁਆਰਾ ਵਰਤੇ ਜਾਣ ਵਾਲੇ ਥਰਮਾਮੀਟਰ ਦੀ ਕਿਸਮ ਦੇ ਆਧਾਰ 'ਤੇ ਨਤੀਜੇ ਵੱਖ-ਵੱਖ ਹੋ ਸਕਦੇ ਹਨ। ਵੱਖ-ਵੱਖ ਢੰਗਾਂ ਵਿੱਚ ਸ਼ਾਮਲ ਹਨ:

    • ਇਨਫਰਾਰੈੱਡ ਮੱਥੇ ਵਾਲਾ ਥਰਮਾਮੀਟਰ
    • ਡਿਜ਼ੀਟਲ, ਮਰਕਰੀ ਜਾਂ ਅਲਕੋਹਲ ਥਰਮਾਮੀਟਰ ਨਾਲ ਬਾਂਹ ਦੇ ਹੇਠਾਂ ਜਾਂ ਜੀਭ ਦੇ ਹੇਠਾਂ
    • ਕੰਨ ਵਾਲਾ (ਟਾਈਮਪੈਨਿਕ) ਥਰਮਾਮੀਟਰ
    • ਮੱਥੇ 'ਤੇ ਵਰਤੇ ਜਾਂਦੇ ਪਲਾਸਟਿਕ ਟੇਪ ਥਰਮਾਮੀਟਰ (ਇਨ੍ਹਾਂ ਦੀ ਸਿਫ਼ਾਰਸ਼ ਨਹੀਂ ਕੀਤੀ ਜਾਂਦੀ ਕਿਉਂਕਿ ਇਹ ਭਰੋਸੇਯੋਗ ਨਹੀਂ ਹਨ)।

    ਕੁੱਝ ਥਰਮਾਮੀਟਰ ਖ਼ਾਸ ਉਮਰ ਸਮੂਹਾਂ ਲਈ ਵਧੇਰੇ ਢੁੱਕਵੇਂ ਹੁੰਦੇ ਹਨ ਇਸ ਲਈ ਤੁਹਾਨੂੰ ਸਹੀ ਰੀਡਿੰਗ ਪ੍ਰਾਪਤ ਕਰਨ ਲਈ ਨਿਰਮਾਤਾ ਦੇ ਨਿਰਦੇਸ਼ਾਂ ਨੂੰ ਹਮੇਸ਼ਾਂ ਪੜ੍ਹਨਾ ਅਤੇ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਤੁਸੀਂ ਆਪਣੀ ਮੈਟਰਨਲ ਐਂਡ ਚਾਈਲਡ ਹੈਲਥ ਨਰਸ (ਜੱਚਾ-ਬੱਚਾ ਸਿਹਤ ਨਰਸ), GP ਜਾਂ ਫਾਰਮਾਸਿਸਟ ਨੂੰ ਇਹ ਦੱਸਣ ਲਈ ਵੀ ਕਹਿ ਸਕਦੇ ਹੋ ਕਿ ਤੁਹਾਡਾ ਥਰਮਾਮੀਟਰ ਕਿਵੇਂ ਵਰਤਣਾ ਹੈ। ਲੋੜ ਪੈਣ ਤੋਂ ਪਹਿਲਾਂ ਇਹ ਕਰੋ।

    ਬੁਖ਼ਾਰ ਦੇ ਦੌਰੇ (Febrile seizures)

    ਕੁੱਝ ਬੱਚਿਆਂ ਨੂੰ ਬੁਖ਼ਾਰ ਹੋਣ 'ਤੇ ਦੌਰੇ ('ਦੰਦਲ') ਪੈ ਸਕਦੇ ਹਨ। ਇਹਨਾਂ ਨੂੰ ਬੁਖ਼ਾਰ ਦੇ ਦੌਰੇ ਕਿਹਾ ਜਾਂਦਾ ਹੈ। ਤੁਹਾਡੇ ਬੱਚੇ ਨੂੰ ਬੁਖ਼ਾਰ ਦਾ ਦੌਰਾ ਪੈ ਸਕਦਾ ਹੈ ਜੇਕਰ ਉਸਦਾ ਤਾਪਮਾਨ ਅਚਾਨਕ ਵੱਧ ਜਾਂਦਾ ਹੈ। ਕਈ ਵਾਰ, ਦੌਰਾ ਉਦੋਂ ਪੈਂਦਾ ਹੈ ਜਦੋਂ ਮਾਤਾ-ਪਿਤਾ ਨੂੰ ਅਸਲ 'ਚ ਇਹ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਦੇ ਬੱਚੇ ਨੂੰ ਬੁਖ਼ਾਰ ਹੈ। ਬੁਖ਼ਾਰ ਦੇ ਦੌਰੇ ਆਮ ਹੁੰਦੇ ਹਨ ਅਤੇ ਆਮ ਤੌਰ 'ਤੇ ਲੰਬੇ ਸਮੇਂ ਦੇ ਸਿਹਤ ਪ੍ਰਭਾਵਾਂ ਦਾ ਕਾਰਨ ਨਹੀਂ ਬਣਦੇ ਹਨ। ਸਾਡੀ ਤੱਥ ਸ਼ੀਟ ਬੁਖ਼ਾਰ ਦੇ ਦੌਰੇ ਦੇਖੋ। Febrile seizures.

    ਘਰ ਵਿੱਚ ਦੇਖਭਾਲ (Care at home)

    ਬੁਖ਼ਾਰ ਪੈਦਾ ਕਰਨ ਵਾਲੀਆਂ ਲਾਗਾਂ ਵੱਖ-ਵੱਖ ਕਿਸਮਾਂ ਦੇ ਕੀਟਾਣੂਆਂ ਕਾਰਨ ਹੋ ਸਕਦੀਆਂ ਹਨ। ਇਹ ਜ਼ਿਆਦਾਤਰ ਵਾਇਰਸਾਂ ਦੇ ਕਾਰਨ ਹੁੰਦੀਆਂ ਹਨ ਅਤੇ ਕਿਸੇ ਇਲਾਜ ਦੀ ਲੋੜ ਨਹੀਂ ਹੁੰਦੀ ਹੈ।  ਕੁੱਝ ਬੈਕਟੀਰੀਆ ਕਾਰਨ ਹੁੰਦੇ ਹਨ, ਜਿਨ੍ਹਾਂ ਦਾ ਇਲਾਜ ਐਂਟੀਬਾਇਓਟਿਕਸ ਨਾਲ ਕੀਤਾ ਜਾਂਦਾ ਹੈ। ਐਂਟੀਬਾਇਓਟਿਕਸ ਵਾਇਰਸਾਂ 'ਤੇ ਕੰਮ ਨਹੀਂ ਕਰਦੇ ਹਨ

    ਤੁਹਾਡੇ ਬੱਚੇ ਦੇ ਬੁਖ਼ਾਰ ਨੂੰ ਘੱਟ ਕਰਨ ਨਾਲ ਸਰੀਰ ਅੰਦਰਲੀ ਬਿਮਾਰੀ ਦਾ ਜਲਦੀ ਇਲਾਜ ਕਰਨ ਵਿੱਚ ਮੱਦਦ ਨਹੀਂ ਮਿਲੇਗੀ। 

    ਜੇ ਤੁਹਾਡਾ ਬੱਚਾ ਠੀਕ ਜਾਪਦਾ ਹੈ ਅਤੇ ਖੁਸ਼ ਹੈ, ਤਾਂ ਬੁਖ਼ਾਰ ਦਾ ਇਲਾਜ ਕਰਨ ਦੀ ਕੋਈ ਲੋੜ ਨਹੀਂ ਹੈ। ਜੇਕਰ ਤੁਹਾਡਾ ਬੱਚਾ ਦਰਦ ਵਿੱਚ ਹੈ, ਤਾਂ ਕੁੱਝ ਚੀਜ਼ਾਂ ਹਨ ਜੋ ਤੁਸੀਂ ਉਹਨਾਂ ਨੂੰ ਵਧੇਰੇ ਆਰਾਮਦਾਇਕ ਮਹਿਸੂਸ ਕਰਨ ਵਿੱਚ ਮੱਦਦ ਕਰਨ ਲਈ ਕਰ ਸਕਦੇ ਹੋ:

    • ਆਪਣੇ ਬੱਚੇ ਨੂੰ ਵਾਰ-ਵਾਰ ਥੋੜ੍ਹੀ-ਥੋੜ੍ਹੀ ਮਾਤਰਾ ਵਿੱਚ ਪੀਣ ਵਾਲੇ ਪਦਾਰਥ ਦਿਓ। ਬਹੁਤ ਸਾਰੇ ਬੱਚੇ ਬੁਖ਼ਾਰ ਹੋਣ 'ਤੇ ਖਾਣਾ ਖਾਣ ਤੋਂ ਮਨ੍ਹਾ ਕਰਦੇ ਹਨ। ਜਿੰਨਾ ਚਿਰ ਉਹ ਹਾਈਡਰੇਟਿਡ ਰਹਿੰਦੇ ਹਨ ਇਹ ਕੋਈ ਸਮੱਸਿਆ ਨਹੀਂ ਹੈ।
    • ਜੇ ਤੁਹਾਡਾ ਮਾਂ ਦਾ ਦੁੱਧ ਚੁੰਘਣ ਵਾਲਾ ਬੱਚਾ ਛੇ ਮਹੀਨਿਆਂ ਤੋਂ ਛੋਟਾ ਹੈ, ਤਾਂ ਉਸਨੂੰ ਵੱਧ ਵਾਰ ਦੁੱਧ ਚੁੰਘਾਓ
    • ਜੇਕਰ ਤੁਹਾਡਾ ਫਾਰਮੂਲਾ ਦੁੱਧ ਪੀਣ ਵਾਲਾ ਬੱਚਾ ਛੇ ਮਹੀਨਿਆਂ ਤੋਂ ਛੋਟਾ ਹੈ, ਤਾਂ ਫਾਰਮੂਲਾ ਦੁੱਧ ਦੀ ਆਮ ਮਾਤਰਾ ਹੀ ਦਿਓ
    • ਜੇ ਤੁਹਾਡਾ ਬੱਚਾ ਛੇ ਮਹੀਨਿਆਂ ਤੋਂ ਵੱਡਾ ਹੈ, ਤਾਂ ਮਾਂ ਦਾ ਦੁੱਧ ਜਾਂ ਬੋਤਲ ਦਾ ਦੁੱਧ ਪਿਲਾਉਂਦੇ ਰਹੋ। ਤੁਸੀਂ ਆਪਣੇ ਬੱਚੇ ਨੂੰ ਪਾਣੀ ਜਾਂ ਓਰਲ ਰੀਹਾਈਡਰੇਸ਼ਨ ਘੋਲ ਵੀ ਦੇ ਸਕਦੇ ਹੋ।
    • ਤੁਹਾਨੂੰ ਆਪਣੇ ਬੱਚੇ ਨੂੰ ਘੱਟ ਮਾਤਰਾ ਵਿੱਚ, ਪਰ ਜ਼ਿਆਦਾ ਵਾਰ ਤਰਲ ਪਦਾਰਥ ਦੇਣ ਦੀ ਲੋੜ ਹੋ ਸਕਦੀ ਹੈ।
    • ਆਪਣੇ ਬੱਚੇ ਨੂੰ ਪੈਰਾਸੀਟਾਮੋਲ ਅਤੇ/ਜਾਂ ਬਿਊਪਰੋਫ਼ੈਨ ਦਿਓ ਜੇਕਰ ਬੁਖ਼ਾਰ ਉਹਨਾਂ ਨੂੰ ਦੁਖੀ ਕਰ ਰਿਹਾ ਹੈ ਜਾਂ ਉਹਨਾਂ ਵਿੱਚ ਹੋਰ ਲੱਛਣ ਵੀ ਹਨ, ਜਿਵੇਂ ਕਿ ਗਲੇ ਵਿੱਚ ਖਰਾਸ਼। ਦਵਾਈ ਦੇ ਡੱਬੇ 'ਤੇ ਖ਼ੁਰਾਕ ਨਿਰਦੇਸ਼ਾਂ ਦੀ ਧਿਆਨ ਨਾਲ ਪਾਲਣਾ ਕਰੋ। ਤਿੰਨ ਮਹੀਨਿਆਂ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਜਾਂ ਡੀਹਾਈਡ੍ਰੇਸ਼ਨ ਵਾਲੇ ਕਿਸੇ ਵੀ ਬੱਚੇ ਨੂੰ ਬਿਊਪਰੋਫ਼ੈਨ ਨਾ ਦਿਓ। ਬੱਚਿਆਂ ਨੂੰ ਕਦੇ ਵੀ ਐਸਪਰੀਨ ਨਾ ਦਿਓ। ਸਾਡੀ ਤੱਥ ਸ਼ੀਟ ਬੱਚਿਆਂ ਲਈ ਦਰਦ ਤੋਂ ਰਾਹਤ ਲਈ ਦੇਖੋ। Pain relief for children.
    • ਆਪਣੇ ਬੱਚੇ ਦੇ ਮੱਥੇ ਨੂੰ ਠੰਡਾ ਕਰਨ ਵਿੱਚ ਮੱਦਦ ਕਰਨ ਲਈ ਥੋੜ੍ਹੇ ਜਿਹੇ ਗਰਮ ਪਾਣੀ ਵਿੱਚ ਭਿੱਜੇ ਹੋਏ ਸਪੰਜ ਜਾਂ ਫੇਸਵਾਸ਼ਰ ਨਾਲ ਪੂੰਝਣ ਦੀ ਕੋਸ਼ਿਸ਼ ਕਰੋ। ਇਹ ਮਹੱਤਵਪੂਰਨ ਹੈ ਕਿ ਜਦੋਂ ਤੁਸੀਂ ਅਜਿਹਾ ਕਰਦੇ ਹੋ ਤਾਂ ਉਹ ਬਹੁਤ ਜ਼ਿਆਦਾ ਠੰਡੇ ਜਾਂ ਬੇਆਰਾਮ ਨਾ ਹੋਣ। ਠੰਡੇ ਇਸ਼ਨਾਨ ਜਾਂ ਸ਼ਾਵਰ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਹੈ।
    • ਆਪਣੇ ਬੱਚੇ ਨੂੰ ਲੋੜੀਂਦੇ ਕੱਪੜੇ ਪਾਓ ਤਾਂ ਜੋ ਉਹ ਬਹੁਤ ਗਰਮ ਜਾਂ ਠੰਡੇ ਨਾ ਹੋਣ। ਜੇ ਤੁਹਾਡਾ ਬੱਚਾ ਕੰਬ ਰਿਹਾ ਹੈ, ਤਾਂ ਕੱਪੜੇ ਦੀ ਇੱਕ ਹੋਰ ਪਰਤ ਜਾਂ ਕੰਬਲ ਪਾਓ ਜਦੋਂ ਤੱਕ ਉਹ ਕੰਬਣਾ ਰੁਕ ਨਾ ਜਾਵੇ।

    ਆਪਣੇ ਬੱਚੇ 'ਤੇ ਉਸਦੀ ਬਿਮਾਰੀ ਵਿਗੜਨ ਦੇ ਸੰਕੇਤਾਂ ਲਈ ਨਜ਼ਰ ਰੱਖੋ।

    ਡਾਕਟਰ ਨੂੰ ਕਦੋਂ ਮਿਲਣਾ ਹੈ (When to see a doctor)

    ਜੇ ਤੁਹਾਡਾ ਬੱਚਾ ਤਿੰਨ ਮਹੀਨਿਆਂ ਤੋਂ ਘੱਟ ਉਮਰ ਦਾ ਹੈ ਅਤੇ ਉਸ ਨੂੰ 38 ਡਿਗਰੀ ਸੈਲਸੀਅਸ ਤੋਂ ਵੱਧ ਬੁਖ਼ਾਰ ਹੈ, ਭਾਵੇਂ ਉਸ ਨੂੰ ਕੋਈ ਹੋਰ ਲੱਛਣ ਨਾ ਹੋਣ, ਤਾਂ ਤੁਹਾਨੂੰ GP ਨੂੰ ਦਿਖਾਉਣਾ ਚਾਹੀਦਾ ਹੈ।

    ਜੇਕਰ ਤੁਹਾਡਾ ਬੱਚਾ ਕਿਸੇ ਵੀ ਕਾਰਨ ਕਰਕੇ ਇਮਿਊਨੋਕੰਪਰੋਮਾਈਜ਼ਡ ਹੈ (ਕਮਜ਼ੋਰ ਇਮਿਊਨ ਸਿਸਟਮ ਹੈ) ਅਤੇ ਉਸਨੂੰ 38 ਡਿਗਰੀ ਸੈਲਸੀਅਸ ਤੋਂ ਵੱਧ ਬੁਖ਼ਾਰ ਹੈ, ਤਾਂ ਤੁਹਾਨੂੰ ਆਪਣੇ ਡਾਕਟਰ ਜਾਂ ਹਸਪਤਾਲ ਦੇ ਐਮਰਜੈਂਸੀ ਵਿਭਾਗ ਤੋਂ ਤੁਰੰਤ ਦੇਖਭਾਲ ਲੈਣੀ ਚਾਹੀਦੀ ਹੈ।

    ਬਾਕੀ ਦੇ ਸਾਰੇ ਬੱਚਿਆਂ ਲਈ, ਜੇ ਉਹਨਾਂ ਦਾ ਤਾਪਮਾਨ 38 ਡਿਗਰੀ ਸੈਲਸੀਅਸ ਤੋਂ ਉੱਪਰ ਹੈ ਅਤੇ ਉਹਨਾਂ ਵਿੱਚ ਹੇਠ ਲਿਖੇ ਲੱਛਣਾਂ ਵਿੱਚੋਂ ਕੋਈ ਵੀ ਹੈ ਤਾਂ ਉਹਨਾਂ ਨੂੰ GP ਕੋਲ ਲੈ ਜਾਓ:

    • ਗਰਦਨ ਵਿੱਚ ਅਕੜਾਅ ਹੈ ਜਾਂ ਰੌਸ਼ਨੀ ਉਹਨਾਂ ਦੀਆਂ ਅੱਖਾਂ ਨੂੰ ਤਕਲੀਫ਼ ਪਹੁੰਚਾ ਰਹੀ ਹੈ
    • ਉਲਟੀਆਂ ਕਰ ਰਹੇ ਹਨ ਅਤੇ ਜ਼ਿਆਦਾ ਪੀਣ ਤੋਂ ਮਨ੍ਹਾ ਕਰ ਰਹੇ ਹਨ
    • ਧੱਫੜ ਹਨ
    • ਆਮ ਨਾਲੋਂ ਜ਼ਿਆਦਾ ਸੌਂ ਰਹੇ ਹਨ
    • ਸਾਹ ਲੈਣ ਵਿੱਚ ਸਮੱਸਿਆਵਾਂ ਹਨ
    • ਦਰਦ ਹੋ ਰਿਹਾ ਹੈ ਜੋ ਦਰਦ ਰਾਹਤ ਦਵਾਈ ਨਾਲ ਠੀਕ ਨਹੀਂ ਹੁੰਦਾ ਹੈ।

    ਆਪਣੇ ਬੱਚੇ ਨੂੰ ਤਾਂ ਵੀ GP ਕੋਲ ਲੈ ਜਾਓ ਜੇਕਰ ਉਸਨੂੰ:

    • ਦੋ ਦਿਨ ਤੋਂ ਵੱਧ ਸਮੇਂ ਤੋਂ ਬੁਖ਼ਾਰ ਹੈ ਅਤੇ ਕੋਈ ਸਪੱਸ਼ਟ ਕਾਰਨ ਨਹੀਂ ਹੈ
    • ਜ਼ਿਆਦਾ ਬਿਮਾਰ ਹੋ ਰਿਹਾ ਜਾਪਦਾ ਹੈ
    • ਬੁਖ਼ਾਰ ਦਾ ਦੌਰਾ ਪਿਆ ਹੈ

    ਯਾਦ ਰੱਖਣ ਲਈ ਮੁੱਖ ਨੁਕਤੇ (Key points to remember)

    • ਬੁਖ਼ਾਰ ਉਦੋਂ ਹੁੰਦਾ ਹੈ ਜਦੋਂ ਬੱਚੇ ਦੇ ਸਰੀਰ ਦਾ ਤਾਪਮਾਨ 38 ਡਿਗਰੀ ਸੈਲਸੀਅਸ ਜਾਂ ਇਸਤੋਂ ਵੱਧ ਹੁੰਦਾ ਹੈ
    • ਬੱਚਿਆਂ ਵਿੱਚ ਬੁਖ਼ਾਰ ਆਮ ਹੁੰਦਾ ਹੈ
    • ਬੁਖ਼ਾਰ ਆਪਣੇ ਆਪ ਵਿੱਚ ਘੱਟ ਹੀ ਨੁਕਸਾਨ ਪਹੁੰਚਾਉਂਦਾ ਹੈ ਅਤੇ ਇੱਕ ਲਾਗ ਨਾਲ ਲੜਨ ਵਿੱਚ ਮੱਦਦ ਕਰ ਸਕਦਾ ਹੈ
    • ਜੇ ਤੁਹਾਡਾ ਬੱਚਾ ਠੀਕ ਜਾਪਦਾ ਹੈ ਅਤੇ ਖੁਸ਼ ਹੈ, ਤਾਂ ਬੁਖ਼ਾਰ ਦਾ ਇਲਾਜ ਕਰਨ ਦੀ ਕੋਈ ਲੋੜ ਨਹੀਂ ਹੈ।
    • ਜੇ ਤੁਹਾਡਾ ਬੱਚਾ ਤਿੰਨ ਮਹੀਨਿਆਂ ਤੋਂ ਘੱਟ ਉਮਰ ਦਾ ਹੈ ਅਤੇ ਉਸ ਨੂੰ 38 ਡਿਗਰੀ ਸੈਲਸੀਅਸ ਤੋਂ ਵੱਧ ਬੁਖ਼ਾਰ ਹੈ, ਤਾਂ ਉਹਨਾਂ ਨੂੰ ਡਾਕਟਰ ਕੋਲ ਲੈ ਜਾਓ, ਭਾਵੇਂ ਉਸ ਵਿੱਚ ਕੋਈ ਹੋਰ ਲੱਛਣ ਨਾ ਵੀ ਹੋਣ।
    • ਆਪਣੇ ਬੱਚੇ ਨੂੰ ਡਾਕਟਰ ਕੋਲ ਲੈ ਜਾਓ ਜੇਕਰ ਉਸਦੀ ਹਾਲਤ ਵਿਗੜ ਰਹੀ ਜਾਪਦੀ ਹੈ ਜਾਂ ਲੰਬੇ ਸਮੇਂ ਤੋਂ ਬੁਖ਼ਾਰ ਹੈ

    ਵਧੇਰੇ ਜਾਣਕਾਰੀ ਲਈ (For more information)

    ਸਾਡੇ ਡਾਕਟਰਾਂ ਨੂੰ ਪੁੱਛੇ ਜਾਂਦੇ ਆਮ ਸਵਾਲ (Common questions our doctors are asked)

    ਕੀ ਮੈਨੂੰ ਆਪਣੇ ਬੱਚੇ ਦੇ ਬੁਖ਼ਾਰ ਬਾਰੇ ਚਿੰਤਤ ਹੋਣਾ ਚਾਹੀਦਾ ਹੈ?

    ਡਾਕਟਰ ਸਿਰਫ਼ ਉਸਦੇ ਬੁਖ਼ਾਰ 'ਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ ਬੱਚੇ ਦੀ ਸਮੁੱਚੀ ਸਥਿਤੀ ਦਾ ਮੁਲਾਂਕਣ ਕਰਦੇ ਹਨ। ਇਸ ਵਿੱਚ ਇਹ ਦੇਖਣਾ ਵੀ ਸ਼ਾਮਲ ਹੈ ਕਿ ਬੱਚਾ ਕਿਵੇਂ ਦਿਖਾਈ ਦੇ ਰਿਹਾ ਅਤੇ ਵਿਵਹਾਰ ਕਰ ਰਿਹਾ ਹੈ। ਖ਼ਾਸ ਤੌਰ 'ਤੇ, ਡਾਕਟਰ ਸੁਸਤਤਾ, ਤਰਲ ਪਦਾਰਥਾਂ ਦੀ ਮਾਤਰਾ ਵਿੱਚ ਕਮੀ, ਵਿਵਹਾਰ ਵਿੱਚ ਤਬਦੀਲੀਆਂ, ਅਤੇ ਦੋ ਜਾਂ ਵੱਧ ਦਿਨਾਂ ਤੱਕ ਲਗਾਤਾਰ ਬੁਖ਼ਾਰ ਵਰਗੇ ਲੱਛਣਾਂ ਵੱਲ ਧਿਆਨ ਦਿੰਦੇ ਹਨ। ਜੇਕਰ ਇਹ ਲੱਛਣ ਮੌਜੂਦ ਹਨ, ਤਾਂ ਤੁਹਾਡਾ ਡਾਕਟਰ ਬੁਖ਼ਾਰ ਦੇ ਮੂਲ ਕਾਰਨ ਦੀ ਜਾਂਚ ਕਰ ਸਕਦਾ ਹੈ, ਜਿਸ ਵਿੱਚ ਖ਼ੂਨ ਦੀ ਜਾਂਚ ਕਰਨਾ ਜਾਂ ਪਿਸ਼ਾਬ ਦਾ ਨਮੂਨਾ ਲੈਣਾ ਸ਼ਾਮਲ ਹੋ ਸਕਦਾ ਹੈ।

    ਕੀ ਦੰਦ ਕੱਢਣ ਨਾਲ ਬੁਖ਼ਾਰ ਹੋ ਸਕਦਾ ਹੈ?

    ਜਿਹੜੇ ਬੱਚੇ ਦੰਦ ਕੱਢ ਰਹੇ ਹਨ ਉਹਨਾਂ ਨੂੰ 38 ਡਿਗਰੀ ਸੈਲਸੀਅਸ ਤੱਕ ਬੁਖ਼ਾਰ ਹੋ ਸਕਦਾ ਹੈ। ਹਾਲਾਂਕਿ, 38 ਡਿਗਰੀ ਸੈਲਸੀਅਸ ਤੋਂ ਵੱਧ ਤਾਪਮਾਨ ਨੂੰ ਕਦੇ ਵੀ ਦੰਦਾਂ ਦਾ ਕਾਰਨ ਨਹੀਂ ਮੰਨਿਆ ਜਾਣਾ ਚਾਹੀਦਾ ਹੈ। ਇਹ ਜ਼ਿਆਦਾ ਸੰਭਾਵਨਾ ਹੈ ਕਿ ਕੋਈ ਇਨਫੈਕਸ਼ਨ (ਲਾਗ) ਹੋਵੇ।

    ਦਰਦ ਤੋਂ ਰਾਹਤ ਦੀ ਦਵਾਈ ਦੇਣ ਤੋਂ ਬਾਅਦ ਵੀ, ਮੇਰੇ ਬੱਚੇ ਨੂੰ ਬੁਖ਼ਾਰ ਹੈ। ਕੀ ਮੈਨੂੰ ਚਿੰਤਤ ਹੋਣਾ ਚਾਹੀਦਾ ਹੈ?

    ਜੇਕਰ ਤੁਹਾਡਾ ਬੱਚਾ ਬਿਹਤਰ ਮਹਿਸੂਸ ਕਰ ਰਿਹਾ ਹੈ ਅਤੇ ਉਸਦੇ ਹੋਰ ਲੱਛਣਾਂ ਵਿੱਚ ਸੁਧਾਰ ਹੋਇਆ ਹੈ ਤਾਂ ਨਹੀਂ। ਪੈਰਾਸੀਟਾਮੋਲ ਅਤੇ ਬਿਊਪਰੋਫ਼ੈਨ ਬੁਖ਼ਾਰ ਨੂੰ ਦੂਰ ਨਹੀਂ ਕਰ ਸਕਦੀਆਂ ਹਨ, ਪਰ ਇਨ੍ਹਾਂ ਦਾ ਉਦੇਸ਼ ਤੁਹਾਡੇ ਬੱਚੇ ਨੂੰ ਬਿਹਤਰ ਮਹਿਸੂਸ ਕਰਵਾਉਣਾ ਹੈ। ਜੇਕਰ ਬੁਖ਼ਾਰ ਦੋ ਦਿਨਾਂ ਤੋਂ ਵੱਧ ਸਮੇਂ ਤੱਕ ਠੀਕ ਨਾ ਹੋਇਆ ਹੋਵੇ, ਤਾਂ ਡਾਕਟਰ ਨੂੰ ਦਿਖਾਓ।

    ਜਦੋਂ ਮੈਂ ਬਿਮਾਰ ਮਹਿਸੂਸ ਕਰਦਾ ਹਾਂ, ਮੇਰਾ GP ਮੈਨੂੰ ਐਸਪਰੀਨ ਲੈਣ ਦੀ ਸਲਾਹ ਦਿੰਦਾ ਹੈ। ਕੀ ਮੈਂ ਇਸਨੂੰ ਆਪਣੇ ਬੱਚੇ ਲਈ ਵੀ ਵਰਤ ਸਕਦਾ/ਦੀ ਹਾਂ?

    ਕਿਸੇ ਵੀ ਬੱਚੇ ਨੂੰ ਉਹਨਾਂ ਦੇ ਬੁਖ਼ਾਰ ਨਾਲ ਨਜਿੱਠਣ ਵਿੱਚ ਮੱਦਦ ਕਰਨ ਲਈ ਕਦੇ ਵੀ ਐਸਪਰੀਨ ਨਹੀਂ ਦਿੱਤੀ ਜਾਣੀ ਚਾਹੀਦੀ ਹੈ। ਇਹ ਰੇਅ ਸਿੰਡਰੋਮ ਨਾਮਕ ਖ਼ਤਰਨਾਕ ਸਥਿਤੀ ਦਾ ਕਾਰਨ ਬਣ ਸਕਦੀ ਹੈ। ਇਹ ਕੇਵਲ ਉਦੋਂ ਹੀ ਦਿੱਤਾ ਜਾਣਾ ਚਾਹੀਦੀ ਹੈ ਜਦੋਂ ਕਿਸੇ ਡਾਕਟਰ ਦੁਆਰਾ ਵਿਸ਼ੇਸ਼ ਤੌਰ 'ਤੇ ਸਿਫਾਰਸ਼ ਕੀਤੀ ਜਾਂਦੀ ਹੈ। ਇਸਦੀ ਬਜਾਏ ਪੈਰਾਸੀਟਾਮੋਲ ਜਾਂ ਬਿਊਪਰੋਫ਼ੈਨ ਦੀ ਵਰਤੋਂ ਕੀਤੀ ਜਾ ਸਕਦੀ ਹੈ।


    ਦ ਰਾਇਲ ਚਿਲਡਰਨਜ਼ ਹਸਪਤਾਲ ਜਨਰਲ ਮੈਡੀਸਨ ਅਤੇ ਐਮਰਜੈਂਸੀ ਵਿਭਾਗਾਂ ਅਤੇ ਕਮਿਊਨਿਟੀ ਚਾਈਲਡ ਹੈਲਥ ਲਈ ਕੇਂਦਰ ਦੁਆਰਾ ਬਣਾਇਆ ਗਿਆ ਹੈ। ਅਸੀਂ RCH ਖ਼ਪਤਕਾਰਾਂ ਅਤੇ ਦੇਖਭਾਲ ਕਰਨ ਵਾਲਿਆਂ ਵੱਲੋਂ ਮਿਲੀ ਜਾਣਕਾਰੀ ਨੂੰ ਸਵੀਕਾਰ ਕਰਦੇ ਹਾਂ।

    ਜੁਲਾਈ 2023 ਵਿੱਚ ਸਮੀਖਿਆ ਕੀਤੀ ਗਈ।

    ਕਿਡਜ਼ ਹੈਲਥ ਇਨਫ਼ੋ ਨੂੰ ਦ ਰਾਇਲ ਚਿਲਡਰਨਜ਼ ਹਸਪਤਾਲ ਫਾਊਂਡੇਸ਼ਨ ਦੁਆਰਾ ਸਮਰਥਨ ਹਾਸਿਲ ਹੈ। ਦਾਨ ਕਰਨ ਲਈ, www.rchfoundation.org.au ' ਤੇ ਜਾਓ।

    ਬੇਦਾਅਵਾ

    ਇਹ ਜਾਣਕਾਰੀ ਤੁਹਾਡੇ ਡਾਕਟਰ ਜਾਂ ਸਿਹਤ ਸੰਭਾਲ ਪੇਸ਼ੇਵਰਾਂ ਨਾਲ ਚਰਚਾ ਕਰਨ ਵਿੱਚ ਸਹਾਇਤਾ ਕਰਨ ਲਈ ਹੈ, ਨਾ ਕਿ ਉਸਨੂੰ ਬਦਲਣ ਲਈ। ਇਹਨਾਂ ਉਪਭੋਗਤਾ ਸਿਹਤ ਜਾਣਕਾਰੀ ਰਚਿਆਂ ਦੇ ਲੇਖਕਾਂ ਨੇ ਇਹ ਯਕੀਨੀ ਬਣਾਉਣ ਲਈ ਕਾਫ਼ੀ ਕੋਸ਼ਿਸ਼ ਕੀਤੀ ਹੈ ਕਿ ਇਹ ਜਾਣਕਾਰੀ ਸਹੀ, ਨਵੀਨਤਮ ਅਤੇ ਸਮਝਣ ਵਿੱਚ ਆਸਾਨ ਹੈ। ਦ ਰਾਇਲ ਚਿਲਡਰਨਜ਼ ਹਸਪਤਾਲ ਮੈਲਬੌਰਨ ਕਿਸੇ ਵੀ ਅਸ਼ੁੱਧੀਆਂ, ਗੁੰਮਰਾਹਕੁੰਨ ਸਮਝੀ ਜਾਣ ਵਾਲੀ ਜਾਣਕਾਰੀ, ਜਾਂ ਇਹਨਾਂ ਪਰਚਿਆਂ ਵਿੱਚ ਦੱਸੀ ਗਈ ਕਿਸੇ ਵੀ ਇਲਾਜ ਪ੍ਰਣਾਲੀ ਦੀ ਸਫ਼ਲਤਾ ਲਈ ਕੋਈ ਜ਼ਿੰਮੇਵਾਰੀ ਨਹੀਂ ਸਵੀਕਾਰਦਾ ਹੈ। ਪਰਚਿਆਂ ਵਿੱਚ ਸ਼ਾਮਲ ਜਾਣਕਾਰੀ ਨੂੰ ਨਿਯਮਿਤ ਤੌਰ 'ਤੇ ਅੱਪਡੇਟ ਕੀਤਾ ਜਾਂਦਾ ਹੈ ਅਤੇ ਇਸ ਲਈ ਤੁਹਾਨੂੰ ਹਮੇਸ਼ਾ ਇਹ ਜਾਂਚ ਕਰਨੀ ਚਾਹੀਦੀ ਹੈ ਕਿ ਤੁਸੀਂ ਪਰਚਿਆਂ ਦੇ ਸਭ ਤੋਂ ਤਾਜ਼ਾ ਰੂਪ ਤੋਂ ਜਾਣਕਾਰੀ ਦਾ ਹਵਾਲਾ ਲੈ ਰਹੇ ਹੋ। ਇਹ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਤੁਹਾਡੇ ਯਾਨੀ ਕਿ ਉਪਭੋਗਤਾ 'ਤੇ ਹੈ ਕਿ ਤੁਸੀਂ ਖ਼ਪਤਕਾਰ ਸਿਹਤ ਜਾਣਕਾਰੀ ਪਰਚਿਆਂ ਦਾ ਸਭ ਤੋਂ ਨਵੀਨਤਮ ਸੰਸਕਰਣ ਡਾਊਨਲੋਡ ਕੀਤਾ ਹੈ।