ਚਿੰਤਾ – ਪ੍ਰਾਇਮਰੀ ਸਕੂਲ ਦੀ ਉਮਰ ਵਾਲੇ ਬੱਚੇ (Anxiety – primary school aged children)
ਕਈ ਵਾਰ ਚਿੰਤਤ ਜਾਂ ਚਿੰਤਾਗ੍ਰਸਤ ਮਹਿਸੂਸ ਕਰਨਾ ਸਾਧਾਰਣ ਗੱਲ ਹੈ। ਪਰ ਕੁਝ ਕੁ ਬੱਚਿਆਂ ਵਿੱਚ ਹੱਦੋਂ ਵੱਧ ਜਾਂ ਵਾਰ ਵਾਰ ਡਰ, ਚਿੰਤਾਵਾਂ ਅਤੇ ਚਿੰਤਾਗ੍ਰਸਤ ਭਾਵਨਾਵਾਂ ਪੈਦਾ ਹੁੰਦੀਆਂ ਹਨ ਜੋ ਕਈ ਹਫ਼ਤਿਆਂ ਜਾਂ ਵਧੇਰੇ ਸਮੇਂ ਤੱਕ ਰਹਿ ਸਕਦੀਆਂ ਹਨ। ਇਹ ਮਜ਼ਬੂਤ ਭਾਵਨਾਵਾਂ ਰੋਜ਼ਾਨਾ ਦੇ ਰਵਾਇਤੀ ਕੰਮਾਂ-ਕਾਰਾਂ
ਵਿੱਚ ਦਖਲ-ਅੰਦਾਜ਼ੀ ਕਰ ਸਕਦੀਆਂ ਹਨ, ਜਿਵੇਂ ਕਿ ਸਕੂਲ ਜਾਣਾ ਜਾਂ ਦੋਸਤਾਂ ਨੂੰ ਮਿਲਣਾ, ਬੱਚੇ ਜਿੰਨ੍ਹਾਂ ਤੋਂ ਬਚਣ ਦੀ ਕੋਸ਼ਿਸ਼ ਕਰ ਸਕਦੇ ਹਨ। ਜਦ ਬੱਚਿਆਂ ਦੀ ਚਿੰਤਾ ਗੰਭੀਰ ਹੁੰਦੀ ਹੈ ਜਾਂ ਲੰਬੇ ਸਮੇਂ ਤੱਕ ਚੱਲਦੀ ਹੈ ਤਾਂ ਇਹ ਚਿੰਤਾ ਵਾਲਾ ਵਿਕਾਰ ਹੋ ਸਕਦਾ ਹੈ।
ਮਾਪਿਆਂ ਵਾਸਤੇ, ਚਿੰਤਾ ਦੇ ਸੰਕੇਤਾਂ ਦਾ ਪਤਾ ਲਾਉਣਾ ਮੁਸ਼ਕਿਲ ਹੋ ਸਕਦਾ ਹੈ ਕਿਉਂਕਿ ਇਹ ਵੰਨ-ਸੁਵੰਨੇ ਤਰੀਕਿਆਂ ਨਾਲ ਵੱਖ-ਵੱਖ ਵਿਖਾਈ ਦੇ ਸਕਦੇ ਹਨ। ਇਹ ਜਾਣਨਾ ਮੁਸ਼ਕਿਲ ਹੋ ਸਕਦਾ ਹੈ ਕਿ ਚਿੰਤਾ ਦੀ 'ਸਾਧਾਰਣ' ਮਾਤਰਾ ਕਿੰਨੀ ਹੈ, ਅਤੇ ਅਗਲੇਰੀ ਮਦਦ ਕਦੋਂ ਮੰਗਣੀ ਹੈ। ਕਿਸੇ ਅਜਿਹੀ ਸਥਿਤੀ ਤੋਂ ਬਚਣਾ
ਜੋ ਤੁਹਾਡੇ ਬੱਚੇ ਨੂੰ ਚਿੰਤਤ ਕਰਦੀ ਹੈ, ਸਭ ਤੋਂ ਵਧੀਆ ਲੱਗ ਸਕਦਾ ਹੈ, ਪਰ ਇਹ ਤੇਜ਼ੀ ਨਾਲ ਇਕ ਅਜਿਹਾ ਰੋਜ਼ ਦਾ ਕੰਮ ਬਣ ਸਕਦਾ ਹੈ ਜਿਸ ਨੂੰ ਤੋੜਨਾ ਮੁਸ਼ਕਿਲ ਹੁੰਦਾ ਹੈ।
ਆਮ ਸੰਕੇਤ ਅਤੇ ਲੱਛਣ (Common signs and symptoms)
- ਰੋਜ਼ਾਨਾ ਦੇ ਤਜ਼ਰਬਿਆਂ ਅਤੇ ਸਥਿਤੀਆਂ ਤੋਂ ਬਕਾਇਦਾ ਪਰਹੇਜ਼ ਕਰਨਾ, ਜਿਵੇਂ ਕਿ ਸਕੂਲ, ਸਮਾਜਕ ਸਮਾਗਮ, ਖੇਡਣਾ, ਖੇਡ, ਖਾਣਾ ਜਾਂ ਸੌਣਾ
- ਅਕਸਰ ਸਰੀਰਕ ਸ਼ਿਕਾਇਤਾਂ ਕਰਨਾ, ਜਿਵੇਂ ਕਿ ਪੇਟ ਵਿੱਚ ਦਰਦ ਅਤੇ ਸਿਰ ਦਰਦ
- ਅਚਾਨਕ ਭਾਵਨਾਤਮਕ ਹੋਣਾ ਜਾਂ ਗੁੱਸੇ ਨਾਲ ਭੜਕਣਾ, ਜ਼ਿਦ ਕਰਨੀ ਜਾਂ ‘ਰੋ-ਪਿੱਟ ਕੇ ਥੱਕ ਜਾਣਾ’
- ਸੌਣ ਵਿੱਚ ਮੁਸ਼ਕਿਲ
- ਭੁੱਖ ਵਿੱਚ ਤਬਦੀਲੀਆਂ
- ਅਕਸਰ ਮੁੜ-ਭਰੋਸਾ ਦੁਆਉਣ ਦੀ ਮੰਗ ਕਰਨਾ
- ਆਪਣੇ ਆਪ ਵਿੱਚ ਮਗਨ ਰਹਿਣਾ ਜਾਂ ਧਿਆਨ ਕੇਂਦਰਿਤ ਕਰਨ ਦੇ ਅਯੋਗ ਹੋਣਾ
- ਸਥਿਤੀਆਂ ਦੀ ਲੋੜ ਤੋਂ ਵੱਧ ਯੋਜਨਾ ਬਨਾਉਣਾ ਅਤੇ ਚੀਜ਼ਾਂ ਬਾਰੇ ਲੋੜ ਤੋਂ ਵੱਧ ਸੋਚਣਾ
ਬਹੁਤ ਸਾਰੇ ਬੱਚੇ ਇਹਨਾਂ ਸੰਕੇਤਾਂ ਨੂੰ ਸਮੇਂ ਸਮੇਂ ਸਿਰ ਵਿਖਾਉਣਗੇ, ਅਤੇ ਹੋ ਸਕਦਾ ਹੈ ਇਹ ਚਿੰਤਾ ਨਾਲ ਸਬੰਧਿਤ ਨਾ ਹੋਣ। ਜਦ ਇਹ ਸੰਕੇਤ ਕਿਸੇ ਨਿਰੰਤਰ ਨਮੂਨੇ ਅਨੁਸਾਰ ਵਾਰ ਵਾਰ ਵਿਖਾਈ ਦਿੰਦੇ ਹਨ ਅਤੇ ਤੁਹਾਡੇ ਬੱਚੇ ਲਈ ਰੋਜ਼ਾਨਾ ਦੇ ਜੀਵਨ ਵਿੱਚ ਸੰਘਰਸ਼ ਦਾ ਸਾਮ੍ਹਣਾ ਕਰਨ ਦਾ ਕਾਰਨ ਬਣਦੇ ਹਨ, ਤਾਂ
ਇਹ ਕਿਸੇ ਚਿੰਤਾ ਦੀ ਅਵਸਥਾ ਜਾਂ ਵਿਕਾਰ ਦੇ ਸੂਚਕ ਹੋ ਸਕਦੇ ਹਨ। ਬੱਚਿਆਂ ਵਿੱਚ ਚਿੰਤਾ ਦੇ ਵਿਕਾਰਾਂ ਦੀਆਂ ਆਮ ਕਿਸਮਾਂ ਵਿੱਚ ਸ਼ਾਮਲ ਹਨ - ਸਮਾਜਕ ਚਿੰਤਾ, ਵੱਖਰੇ ਹੋਣ ਦੀ ਚਿੰਤਾ ਅਤੇ ਸਾਧਾਰਣ ਆਮ ਚਿੰਤਾ।
ਮਦਦ ਦੀ ਮੰਗ ਕਦੋਂ ਕਰਨੀ ਹੈ (When to seek help)
ਜੇ ਤੁਹਾਡਾ ਬੱਚਾ ਬਕਾਇਦਾ ਤੌਰ 'ਤੇ ਚਿੰਤਾ ਦੇ ਸੰਕੇਤ ਦਿਖਾਉਂਦਾ ਹੈ, ਤਾਂ ਤੁਸੀਂ ਇਸ ਬਾਰੇ ਉਸ ਦੇ ਡਾਕਟਰ (ਜੀ.ਪੀ.) ਜਾਂ ਕਿਸੇ ਹੋਰ ਸਿਹਤ ਪੇਸ਼ੇਵਰ, ਜਾਂ ਉਹਨਾਂ ਦੇ ਅਧਿਆਪਕ ਨਾਲ ਵਿਚਾਰ-ਵਟਾਂਦਰਾ ਕਰ ਸਕਦੇ ਹੋ। ਕੁਝ ਕੁ ਸੂਚਕ ਜੋ ਦੱਸਦੇ ਹਨ ਕਿ ਮਦਦ ਮੰਗਣ ਦਾ ਸਮਾਂ ਆ ਗਿਆ ਹੈ, ਉਹਨਾਂ ਵਿੱਚ ਸ਼ਾਮਲ
ਹਨ:
- ਜੇ ਤੁਹਾਡਾ ਬੱਚਾ ਬਹੁਤ ਜ਼ਿਆਦਾ ਚਿੰਤਤ ਜਾਂ ਬੇਚੈਨ ਜਾਪਦਾ ਹੈ, ਜਾਂ ਆਮ ਨਾਲੋਂ ਜ਼ਿਆਦਾ ਵਾਰ ਚਿੰਤਾਵਾਨ ਮਹਿਸੂਸ ਕਰਦਾ ਹੈ
- ਜੇ ਚਿੰਤਾ ਤੁਹਾਡੇ ਬੱਚੇ ਨੂੰ ਰੋਜ਼ਾਨਾ ਦੇ ਰਵਾਇਤੀ ਕੰਮਾਂ-ਕਾਰਾਂ ਵਿੱਚ ਹਿੱਸਾ ਲੈਣ ਤੋਂ ਰੋਕਦੀ ਹੈ, ਜਿਵੇਂ ਕਿ ਸਕੂਲ ਜਾਣਾ, ਸਮਾਜੀਕਰਨ ਕਰਨਾ, ਖੇਡਣਾ ਜਾਂ ਖਾਣਾ ਅਤੇ ਚੰਗੀ ਤਰ੍ਹਾਂ ਸੌਣਾ।
ਹੋ ਸਕਦਾ ਹੈ ਕਿ ਤੁਹਾਡੇ ਬੱਚੇ ਦਾ ਸਕੂਲ ਵੀ ਸਹਾਇਤਾ ਕਰਨ ਦੇ ਯੋਗ ਹੋਵੇ। ਬਹੁਤ ਸਾਰੇ ਸਕੂਲਾਂ ਵਿੱਚ ਉਹਨਾਂ ਬੱਚਿਆਂ ਵਾਸਤੇ ਸਹਾਇਤਾ ਮੌਜੂਦ ਹੁੰਦੀ ਹੈ ਜੋ ਚਿੰਤਾਵਾਨ ਹਨ ਅਤੇ ਸਕੂਲਾਂ ਵਿੱਚ ਸਿਖਲਾਈ ਪ੍ਰਾਪਤ ਅਮਲੇ ਦੇ ਮੈਂਬਰ ਹੁੰਦੇ ਹਨ ਜੋ ਮਦਦ ਕਰ ਸਕਦੇ ਹਨ, ਜਿਸ ਵਿੱਚ ਮਨੋਵਿਗਿਆਨੀ ਜਾਂ ਸਲਾਹਕਾਰ
ਵੀ ਸ਼ਾਮਲ ਹਨ।
ਕਿਸੇ ਬੱਚੇ ਵਿੱਚ ਕਿਸੇ ਚਿੰਤਾ ਦੀ ਅਵਸਥਾ ਜਾਂ ਵਿਕਾਰ ਦਾ ਪਤਾ ਲਗਾਉਣ ਅਤੇ ਇਲਾਜ ਕਰਨ ਦਾ ਕੰਮ ਕਿਸੇ ਸਿਖਲਾਈ ਪ੍ਰਾਪਤ ਅਤੇ ਤਜ਼ਰਬੇਕਾਰ ਸਿਹਤ ਪੇਸ਼ੇਵਰ ਦੁਆਰਾ ਕੀਤਾ ਜਾ ਸਕਦਾ ਹੈ। ਜੇ ਲੋੜ ਪੈਂਦੀ ਹੈ, ਤਾਂ ਕੋਈ ਡਾਕਟਰ (ਜੀ.ਪੀ.) ਤੁਹਾਡੇ ਬੱਚੇ ਦਾ ਮੁਲਾਂਕਣ ਕਰਨ ਅਤੇ ਉਸ ਦੀ ਸਹਾਇਤਾ ਕਰਨ ਲਈ ਕਿਸੇ
ਬੱਚਿਆਂ ਦੇ ਮਾਹਰ ਡਾਕਟਰ, ਬਾਲ ਮਨੋਵਿਗਿਆਨਕ ਜਾਂ ਹੋਰ ਮਾਨਸਿਕ ਸਿਹਤ ਪੇਸ਼ੇਵਰ ਕੋਲ ਭੇਜਣ ਲਈ ਸਿਫਾਰਸ਼ ਦਾ ਬੰਦੋਬਸਤ ਕਰ ਸਕਦਾ ਹੈ।
ਚਿੰਤਾ ਵਿੱਚ ਆਪਣੇ ਬੱਚੇ ਦੀ ਮਦਦ ਕਿਵੇਂ ਕਰੀਏ (How to help your child with anxiety)
ਜੇ ਤੁਹਾਡਾ ਬੱਚਾ ਚਿੰਤਾ ਦੇ ਨਿਰੰਤਰ ਸੰਕੇਤ ਵਿਖਾ ਰਿਹਾ ਹੈ, ਤਾਂ ਤੁਸੀਂ ਘਰ ਵਿਖੇ ਹੇਠ ਲਿਖੇ ਤਰੀਕਿਆਂ ਨਾਲ ਉਹਨਾਂ ਦੀ ਸਹਾਇਤਾ ਕਰ ਸਕਦੇ ਹੋ:
- ਆਪਣੇ ਬੱਚੇ ਨੂੰ ਉਸ ਦੀਆਂ ਆਪਣੀਆਂ ਭਾਵਨਾਵਾਂ ਬਾਰੇ ਗੱਲ ਕਰਨ ਅਤੇ ਨਾਲ ਹੀ ਇਸ ਗੱਲ ਲਈ ਉਤਸ਼ਾਹਤ ਕਰੋ ਕਿ ਜਦੋਂ ਉਹ ਬਿਹਬਲ ਹੋ ਜਾਂਦਾ ਹੈ ਤਾਂ ਉਹ ਤੁਹਾਨੂੰ ਦੱਸੇ। ਇਹ ਸਮਝਾਉਣ ਨਾਲ ਮਦਦ ਮਿਲ ਸਕਦੀ ਹੈ ਕਿ ਇਹ ਭਾਵਨਾਵਾਂ ਆਮ ਹਨ – ਅਸੀਂ ਸਾਰੇ ਕਈ ਵਾਰ ਚਿੰਤਤ ਜਾਂ ਡਰੇ ਹੋਏ ਮਹਿਸੂਸ ਕਰਦੇ ਹਾਂ।
- ਜੇ ਕੋਈ ਵਿਸ਼ੇਸ਼ ਸਥਿਤੀ ਹੈ ਜੋ ਤੁਹਾਡੇ ਬੱਚੇ ਨੂੰ ਚੁਣੌਤੀਪੂਰਨ ਲੱਗਦੀ ਹੈ, ਤਾਂ ਹੌਲੀ-ਹੌਲੀ ਉਹ ਚੀਜ਼ ਕਰਨ ਵਿੱਚ ਉਹਨਾਂ ਦੀ ਸਹਾਇਤਾ ਕਰੋ ਜੋ ਉਹਨਾਂ ਨੂੰ ਚਿੰਤਾਗ੍ਰਸਤ ਬਣਾਉਂਦੀ ਹੈ। ਉਦਾਹਰਣ ਲਈ, ਜੇ ਕਿਸੇ ਭੀੜ-ਭੜੱਕੇ ਵਾਲੇ ਖਰੀਦਦਾਰੀ ਕੇਂਦਰ ਵਿਖੇ ਜਾਣਾ ਉਹਨਾਂ ਨੂੰ ਚਿੰਤਾਗ੍ਰਸਤ ਬਣਾ ਦਿੰਦਾ
ਹੈ, ਤਾਂ ਸਥਾਨਕ ਦੁਕਾਨਾਂ ‘ਤੇ ਥੋੜ੍ਹੇ ਸਮੇਂ ਲਈ ਜਾਣ ਤੋਂ ਸ਼ੁਰੂਆਤ ਕਰੋ, ਅਤੇ ਹੌਲੀ ਹੌਲੀ ਸ਼ਾਂਤ ਸਮੇਂ ਵਿੱਚ ਕਿਸੇ ਖਰੀਦਦਾਰੀ ਕੇਂਦਰ ਦਾ ਦੌਰਾ ਕਰਨ ਤੱਕ ਲੈ ਜਾਓ।
- ਭਵਿੱਖ ਵਿੱਚ ਚਿੰਤਾਗ੍ਰਸਤ ਭਾਵਨਾਵਾਂ ਨਾਲ ਸਿੱਝਣ ਲਈ ਇਕੱਠਿਆਂ ਇਕ ਵਿਹਾਰਕ ਯੋਜਨਾ ਬਣਾਓ, ਜਿਵੇਂ ਕਿ ਸਾਹ ਲੈਣ ਦੀਆਂ ਤਕਨੀਕਾਂ ਜਾਂ ਧਿਆਨ ਕੇਂਦਰਿਤ ਕਰਨ ਲਈ ਮੁੜ-ਭਰੋਸਾ ਦੁਆਉਣ ਵਾਲੇ ਵਾਕ।
- ਇਕੱਠਿਆਂ ਮਸਤੀ ਕਰਨ ਲਈ ਸਮਾਂ ਕੱਢੋ ਅਤੇ ਚਿੰਤਾ ਦੀਆਂ ਭਾਵਨਾਵਾਂ ਤੋਂ ਧਿਆਨ ਹਟਾਓ।
- ਆਪਣੇ ਬੱਚੇ ਨੂੰ ਸਿਹਤਮੰਦ ਨਿਤਨੇਮ ਬਣਾਉਣ ਵਿੱਚ ਮਦਦ ਕਰੋ ਜਿਸ ਵਿੱਚ ਕਾਫੀ ਮਾਤਰਾ ਵਿੱਚ ਨੀਂਦ, ਨਿਯਮਤ ਬਾਹਰਵਾਰ ਕਸਰਤ, ਚੰਗੀ ਤਰ੍ਹਾਂ ਖਾਣਾ ਅਤੇ ਬਹੁਤ ਜ਼ਿਆਦਾ ਸਕ੍ਰੀਨ ਸਮੇਂ ਤੋਂ ਪਰਹੇਜ਼ ਕਰਨਾ ਸ਼ਾਮਲ ਹੈ।
- ਚਿੰਤਾ ਵਾਸਤੇ ਔਨਲਾਈਨ ਇਲਾਜ ਦੇ ਪ੍ਰੋਗਰਾਮ ਨੂੰ ਅਜ਼ਮਾਓ (ਹੇਠਾਂ 'ਲਾਭਦਾਇਕ ਸਰੋਤ' ਵੇਖੋ)।
ਜੇ ਤੁਸੀਂ ਕੋਈ ਖੁਦ ਚਿੰਤਾ ਵਾਲੇ ਮਾਪੇ ਜਾਂ ਸੰਭਾਲ ਕਰਨ ਵਾਲੇ ਹੋ, ਤਾਂ ਆਪਣੀ ਖੁਦ ਦੀ ਮਾਨਸਿਕ ਸਿਹਤ ਦੀ ਦੇਖਭਾਲ ਕਰਨਾ ਅਤੇ ਲੋੜ ਪੈਣ 'ਤੇ ਮਦਦ ਮੰਗਣਾ ਮਹੱਤਵਪੂਰਣ ਹੈ।
ਯਾਦ ਰੱਖਣ ਲਈ ਮੁੱਖ ਨੁਕਤੇ (Key points to remember)
- ਬੱਚਿਆਂ ਲਈ ਕੁਝ ਕੁ ਸਮਾਂ ਚਿੰਤਾਵਾਨ ਹੋਣਾ, ਚਿੰਤਤ ਜਾਂ ਡਰੇ ਹੋਏ ਮਹਿਸੂਸ ਕਰਨਾ ਆਮ ਗੱਲ ਹੈ।
- ਬੱਚਿਆਂ ਵਿੱਚ ਚਿੰਤਾ ਦੀ ਪਛਾਣ ਕਰਨਾ ਮੁਸ਼ਕਿਲ ਹੋ ਸਕਦਾ ਹੈ, ਕਿਉਂਕਿ ਸੰਕੇਤ ਵੰਨ-ਸੁਵੰਨੇ ਹੁੰਦੇ ਹਨ ਅਤੇ ਇਹਨਾਂ ਵਿੱਚ ਆਮ ਚੀਜ਼ਾਂ ਸ਼ਾਮਲ ਹੁੰਦੀਆਂ ਹਨ ਜਿਵੇਂ ਕਿ ਪੇਟ ਵਿੱਚ ਦਰਦਾਂ, ਵਾਰ-ਵਾਰ ਸਿਰ ਪੀੜਾਂ, ਜ਼ਿਦ ਕਰਨਾ ਅਤੇ ਸੌਣ ਵਿੱਚ ਮੁਸ਼ਕਿਲ।
- ਜੇ ਤੁਹਾਡੇ ਬੱਚੇ ਨੂੰ ਗੰਭੀਰ, ਵਾਰ ਵਾਰ ਜਾਂ ਨਿਰੰਤਰ ਲੱਛਣ ਹੁੰਦੇ ਹਨ, ਅਤੇ ਜੇ ਉਹ ਰੋਜ਼ਾਨਾ ਦੇ ਉਹਨਾਂ ਕੰਮਾਂ-ਕਾਰਾਂ ਅਤੇ ਸਥਿਤੀਆਂ ਤੋਂ ਪਰਹੇਜ਼ ਕਰ ਰਹੇ ਹਨ ਜੋ ਉਹਨਾਂ ਦੀ ਚਿੰਤਾ ਨੂੰ ਭੜਕਾਉਂਦੀਆਂ ਹਨ ਤਾਂ ਮਦਦ ਮੰਗਣ ਦਾ ਸਮਾਂ ਆ ਗਿਆ ਹੈ।
- ਮਦਦ ਵਾਸਤੇ, ਆਪਣੇ ਬੱਚੇ ਦੀਆਂ ਭਾਵਨਾਵਾਂ ਅਤੇ ਵਿਵਹਾਰ ਬਾਰੇ ਉਸ ਦੇ ਅਧਿਆਪਕ, ਡਾਕਟਰ (ਜੀ.ਪੀ.) ਜਾਂ ਕਿਸੇ ਹੋਰ ਸਿਹਤ ਪੇਸ਼ੇਵਰ ਜਿਵੇਂ ਕਿ ਕਿਸੇ ਨਰਸ, ਬੱਚਿਆਂ ਦੇ ਮਾਹਰ ਡਾਕਟਰ, ਸਲਾਹਕਾਰ ਜਾਂ ਮਨੋਵਿਗਿਆਨਕ ਨਾਲ ਵਿਚਾਰ-ਵਟਾਂਦਰਾ ਕਰੋ।
- ਘਰ ਵਿਖੇ ਤੁਹਾਡੇ ਬੱਚੇ ਦੀ ਸਹਾਇਤਾ ਕਰਨ ਦੇ ਕਈ ਤਰੀਕੇ ਹਨ ਅਤੇ ਔਨਲਾਈਨ ਸਰੋਤ ਮੌਜੂਦ ਹਨ ਜੋ ਮਦਦ ਕਰ ਸਕਦੇ ਹਨ।
ਲਾਭਦਾਇਕ ਸਰੋਤ (Useful resources)
-
The Brave Program: ਇਕ ਔਨਲਾਈਨ ਇੰਟਰ-ਐਕਟਿਵ ਪ੍ਰੋਗਰਾਮ ਜਿਸ ਦਾ ਉਦੇਸ਼ 8-12 ਸਾਲ ਦੀ ਉਮਰ ਦੇ ਬੱਚਿਆਂ ਨੂੰ ਚਿੰਤਾਵਾਂ ਨੂੰ ਦੂਰ ਕਰਨ ਅਤੇ ਸਹਿਜ ਹੋਣ ਦੀਆਂ ਰਣਨੀਤੀਆਂ ਸਿੱਖਣ ਵਿੱਚ ਮਦਦ ਕਰਨਾ ਹੈ।
-
Fear-Less Triple P Online Course: ਤੁਹਾਡੇ ਬੱਚੇ ਨੂੰ ਚਿੰਤਾ ਦਾ ਪ੍ਰਬੰਧ ਕਰਨ ਅਤੇ ਭਾਵਨਾਤਮਕ ਤੌਰ 'ਤੇ ਵਧੇਰੇ ਲਚਕਦਾਰ ਬਣਨ
ਵਿੱਚ ਮਦਦ ਕਰਨ ਲਈ ਇਕ ਟੂਲ-ਕਿੱਟ ਹੈ।
-
Cool Kids Program: ਇਕ ਔਨਲਾਈਨ ਇੰਟਰਐਕਟਿਵ ਪ੍ਰੋਗਰਾਮ ਜਿਸ ਦਾ ਉਦੇਸ਼ 7-12 ਸਾਲ ਦੀ ਉਮਰ ਦੇ ਬੱਚਿਆਂ ਨੂੰ ਚਿੰਤਾ ਨੂੰ ਦੂਰ ਕਰਨ ਅਤੇ ਆਤਮ-ਵਿਸ਼ਵਾਸ ਵਧਾਉਣ ਵਿੱਚ ਮਦਦ ਦੇਣਾ ਹੈ।
-
The Beyond Blue Child Mental Health Checklist: ਤੁਹਾਡੇ ਬੱਚੇ ਦੇ ਲੱਛਣਾਂ ਦੀ ਜਾਂਚ ਕਰਨ ਅਤੇ ਇਹ ਜਾਂਚ ਕਰਨ ਲਈ ਕਿ
ਕਿਹੜੀ ਪੇਸ਼ੇਵਰ ਮਦਦ ਪ੍ਰਾਪਤ ਕਰਨੀ ਹੈ, ਇਹ ਇਕ ਆਮ ਸਾਧਨ ਹੈ ।
-
Parentline: ਮੁਫ਼ਤ ਫ਼ੋਨ ਸਲਾਹ-ਮਸ਼ਵਰਾ ਸੇਵਾ ਜਿੱਥੇ ਤੁਸੀਂ ਪਾਲਣ-ਪੋਸ਼ਣ ਦੀਆਂ ਚੁਣੌਤੀਆਂ ਬਾਰੇ ਵਿਚਾਰ-ਵਟਾਂਦਰਾ ਕਰ ਸਕਦੇ ਹੋ ਅਤੇ ਸਹਾਇਤਾ ਪ੍ਰਾਪਤ ਕਰ ਸਕਦੇ ਹੋ।
-
Smiling Mind Kids Care Packages: ਦਿਮਾਗੀ ਧਿਆਨ ਦੇ ਅਧਾਰ ਤੇ ਬੱਚਿਆਂ ਲਈ ਸ਼ਾਂਤ ਕਰਨ ਵਾਲੀਆਂ ਗਤੀਵਿਧੀਆਂ ਅਤੇ ਆਡੀਓ ਰਿਕਾਰਡਿੰਗਾਂ ਦੀ ਲੜੀ।
ਵਧੇਰੇ ਜਾਣਕਾਰੀ ਲਈ (For more information)
ਆਮ ਸਵਾਲ ਜੋ ਸਾਡੇ ਡਾਕਟਰਾਂ ਨੂੰ ਪੁੱਛੇ ਜਾਂਦੇ ਹਨ (Common questions our doctors are asked)
ਬੱਚਿਆਂ ਵਿੱਚ ਚਿੰਤਾ ਦਾ ਕਾਰਨ ਕੀ ਹੈ? (What causes anxiety in children?)
ਕਦੇ-ਕਦਾਈਂ ਫਿਕਰ ਜਾਂ ਚਿੰਤਾ ਸਾਡੇ ਸੰਸਾਰ ਜਾਂ ਵਾਤਾਵਰਣ ਵਿੱਚ ਤਬਦੀਲੀਆਂ ਪ੍ਰਤੀ ਇੱਕ ਸਾਧਾਰਣ ਸਰੀਰਕ ਪ੍ਰਤੀਕਿਰਿਆ ਦਾ ਹੋਣਾ ਹੈ। ਕੁਝ ਕੁ ਬੱਚਿਆਂ ਵਾਸਤੇ, ਚਿੰਤਾ ਵਾਰ ਵਾਰ ਹੋਣ ਵਾਲੀ ਅਤੇ ਲੰਬੇ ਸਮੇਂ ਤੱਕ ਰਹਿਣ ਵਾਲੀ ਬਣ ਸਕਦੀ ਹੈ ਅਤੇ ਉਹਨਾਂ ਦੇ ਰੋਜ਼ਾਨਾ ਜੀਵਨ ਨੂੰ ਪ੍ਰਭਾਵਿਤ ਕਰ ਸਕਦੀ ਹੈ। ਬਹੁਤ
ਸਾਰੀਆਂ ਵੱਖ-ਵੱਖ ਚੀਜ਼ਾਂ ਹਨ ਜੋ ਇਸ ਦੇ ਵਾਪਰਨ ਦਾ ਕਾਰਨ ਬਣ ਸਕਦੀਆਂ ਹਨ, ਜਿੰਨ੍ਹਾਂ ਵਿੱਚ ਸ਼ਾਮਲ ਹਨ ਜੀਵਨ ਵਿੱਚ ਤੂਲ ਦੇਣ ਵਾਲੇ ਕਾਰਕ ਅਤੇ ਤਣਾਅ-ਕਾਰਕ ਅਤੇ ਚਿੰਤਾ ਪ੍ਰਤੀ ਵਿਰਾਸਤ ਵਿੱਚ ਮਿਲਿਆ ਰੁਝਾਨ। ਜੇ ਮਾਪਿਆਂ ਨੂੰ ਖੁਦ ਚਿੰਤਾ ਦਾ ਅਨੁਭਵ ਹੋ ਰਿਹਾ ਹੈ, ਤਾਂ ਇਹ ਬੱਚੇ ਵਿੱਚ ਚਿੰਤਾ ਵਿਕਸਤ
ਹੋਣ ਦੀ ਸੰਭਾਵਨਾ ਨੂੰ ਵਧੇਰੇ ਵਧਾ ਸਕਦਾ ਹੈ, ਇਸ ਲਈ ਲੋੜ ਪੈਣ 'ਤੇ ਮਾਪਿਆਂ ਵਾਸਤੇ ਆਪਣੀ ਖੁਦ ਦੀ ਮਾਨਸਿਕ ਸਿਹਤ ਅਤੇ ਭਲਾਈ ਵਾਸਤੇ ਮਦਦ ਪ੍ਰਾਪਤ ਕਰਨਾ ਮਹੱਤਵਪੂਰਣ ਹੈ। ਬਹੁਤ ਸਾਰੇ ਬੱਚਿਆਂ ਜਿਨ੍ਹਾਂ ਵਿੱਚ ਚਿੰਤਾ ਦਾ ਵਿਕਾਰ ਵਿਕਸਤ ਹੁੰਦਾ ਹੈ, ਇਸ ਦੇ ਹੋਣ ਦਾ ਕਾਰਨ ਸਪੱਸ਼ਟ ਨਹੀਂ ਹੈ।
ਕੀ ਬੱਚੇ ਵੱਡੇ ਹੋ ਕੇ ਚਿੰਤਾ ਕਰਨਾ ਛੱਡ ਦਿੰਦੇ ਹਨ? (Do children grow out of anxiety?)
ਕੁਝ ਕੁ ਚਿੰਤਾਗ੍ਰਸਤ ਬੱਚੇ ਵੱਡੇ ਹੋ ਕੇ ਆਪਣੇ ਡਰਾਂ ਵਿੱਚੋਂ ਬਾਹਰ ਨਿਕਲ ਜਾਣਗੇ, ਪਰ ਕੁਝ ਹੋਰ ਲੋਕਾਂ ਨੂੰ ਤਦ ਤੱਕ ਚਿੰਤਾ ਵਾਲੀ ਸਮੱਸਿਆ ਹੁੰਦੀ ਰਹੇਗੀ ਜਦ ਤੱਕ ਉਹਨਾਂ ਨੂੰ ਪੇਸ਼ੇਵਰਾਨਾ ਮਦਦ ਨਹੀਂ ਮਿਲਦੀ ਹੈ। ਜਦ ਬੱਚਿਆਂ ਦੀ ਚਿੰਤਾ ਗੰਭੀਰ ਜਾਂ ਲੰਬੇ ਸਮੇਂ ਤੱਕ ਚੱਲਦੀ ਹੈ ਅਤੇ ਉਹਨਾਂ ਦੇ ਰੋਜ਼ਾਨਾ
ਜੀਵਨ ਨੂੰ ਪ੍ਰਭਾਵਿਤ ਕਰਦੀ ਹੈ, ਤਾਂ ਇਸ ਨੂੰ ਚਿੰਤਾ ਦੇ ਵਿਕਾਰ ਵਜੋਂ ਸਮਝਿਆ ਜਾਂਦਾ ਹੈ। ਇਹਨਾਂ ਸਥਿਤੀਆਂ ਵਿੱਚ, ਤੁਹਾਡੇ ਬੱਚੇ ਦੀ ਚਿੰਤਾ ਦਾ ਪ੍ਰਬੰਧ ਕਰਨ ਵਿੱਚ ਸਹਾਇਤਾ ਕਰਨ ਲਈ ਪੇਸ਼ੇਵਰਾਨਾ ਮਦਦ ਮੰਗਣਾ ਮਹੱਤਵਪੂਰਣ ਹੈ।
ਕੀ ਬੱਚਿਆਂ ਵਿੱਚ ਚਿੰਤਾ ਲਈ ਦਵਾਈ ਵਾਲੇ ਇਲਾਜ ਦੀ ਲੋੜ ਹੁੰਦੀ ਹੈ? (Does anxiety in children need treatment with medication?)
ਛੋਟੇ ਬੱਚਿਆਂ ਵਿੱਚ ਜ਼ਿਆਦਾਤਰ ਚਿੰਤਾ ਦਾ ਪ੍ਰਬੰਧ ਕਿਸੇ ਮਨੋਵਿਗਿਆਨਕ, ਡਾਕਟਰ ਜਾਂ ਹੋਰ ਸਿਹਤ ਪੇਸ਼ੇਵਰਾਂ ਕੋਲੋਂ ਸਹਾਇਤਾ ਅਤੇ ਰਣਨੀਤੀਆਂ ਨਾਲ ਕੀਤਾ ਜਾ ਸਕਦਾ ਹੈ। ਕੁਝ ਸਥਿਤੀਆਂ ਵਿੱਚ, ਚਿੰਤਾ ਦੇ ਵਿਕਾਰਾਂ ਦਾ ਇਲਾਜ ਕਰਨ ਵਿੱਚ ਮਦਦ ਕਰਨ ਲਈ ਦਵਾਈਆਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਚਿੰਤਾ ਵਾਲੀਆਂ
ਦਵਾਈਆਂ ਦੀ ਤਜਵੀਜ਼ ਬੱਚੇ ਦੀ ਮਾਨਸਿਕ ਸਿਹਤ ਵਿੱਚ ਮੁਹਾਰਤ ਰੱਖਣ ਵਾਲੇ ਡਾਕਟਰਾਂ ਦੁਆਰਾ ਕੀਤੀ ਜਾ ਸਕਦੀ ਹੈ, ਜਿਵੇਂ ਕਿ ਬੱਚਿਆਂ ਦਾ ਮਾਹਰ ਡਾਕਟਰ, ਮਨੋਚਿਕਿਤਸਕ ਜਾਂ ਕੁਝ ਡਾਕਟਰ (ਜੀ.ਪੀ.)। ਜ਼ਿਆਦਾਤਰ ਛੋਟੇ ਬੱਚਿਆਂ ਵਾਸਤੇ ਮਨੋਵਿਗਿਆਨਕ ਇਲਾਜ ਵੀ ਬਹੁਤ ਅਸਰਦਾਰ ਹੁੰਦੇ ਹਨ ਅਤੇ ਇਹਨਾਂ ਵਿੱਚ ਅਕਸਰ
ਸਿੱਧੇ ਤੌਰ 'ਤੇ ਸੰਭਾਲ ਕਰਨ ਵਾਲੇ ਸ਼ਾਮਲ ਹੁੰਦੇ ਹਨ। ਇਹ ਇਲਾਜ ਭਾਈਚਾਰਕ ਸਿਹਤ ਕੇਂਦਰਾਂ ਤੋਂ, ਜਾਂ ਪ੍ਰਾਈਵੇਟ ਕਲੀਨਿਕਾਂ ਵਿਖੇ ਉਪਲਬਧ ਹੋ ਸਕਦੇ ਹਨ ਜਿੱਥੇ ਮੈਡੀਕੇਅਰ ਦੀਆਂ ਛੋਟਾਂ ਉਪਲਬਧ ਹਨ।